ਵਿਹੜੇ ਦਾ ਰੁੱਖ


“ਨੀ ਆਜਾ ਭਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ” ਏ ਖ਼ਿਆਲ ਕੁਦਰਤ ਨੇ ਸਾਡੇ ਮਨਾ ਵਿੱਚੋ ਹੀ ਕੱਢ ਦਿੱਤਾ.. ਕਿਓਂ ਕਿ ਕੁਦਰਤ ਵੀ ਜਾਣਦੀ ਹੈ ਕਿ ਹੁਣ ਅਸੀਂ ਰੁੱਖਾਂ ਤੇ ਪੀਂਘ ਪਾਉਣ ਦਾ ਹੱਕ ਨਹੀਂ ਰੱਖਦੇ, ਬਾਪੂ ਵੀ ਜਵਾਕ ਨੂੰ ਮੋਢੇ ਤੇ ਬਿਠਾ ਕਿ ਓਦੋਂ ਤੱਕ ਹੀ ਝੂਟੇ ਦਿੰਦਾ ਹੈ ਜਦੋਂ ਤੱਕ ਘਰ ਵਿਚ ਉਸਦੀ ਪੁੱਛ ਗਿੱਛ ਹੋਵੇ.. ਅੱਜਕਲ ਰੁੱਖਾਂ ਨਾਲ ਸਾਡਾ ਨੇੜੇ ਦਾ ਰਿਸ਼ਤਾ ਹੀ ਨਹੀਂ ਰਿਹਾ.. ਹੁਣ ਕੋਈ ਰੁੱਖ ਦੀ ਛਾਂ ਹੇਠਾਂ ਨੀ ਬੈਠਦਾ, ਖੇਤਾਂ ਨੂੰ ਪਾਣੀ ਦੇ ਰਿਹਾ ਹਾਲੀ ਵੀ ਮੋਟਰ ਦੇ ਕੋਠੇ ਅੰਦਰ ਜਾ ਵੜਦਾ ਹੈ ਕਿਓਂ ਕਿ ਉਸਨੇ ਪੱਖੇ ਥੱਲੇ ਬੈਠਣਾ ਹੁੰਦਾ ਹੈ.. ਪਿੰਡ ਦੀ ਸੱਥ ਵਿੱਚ ਤਾਸ਼ ਵੀ ਹੁਣ ਸ਼ੈੱਡਾਂ ਥੱਲੇ ਖੇਡੀ ਜਾਂਦੀ ਹੈ, ਘਰ ਦੇ ਵਿਹੜੇ ਵਿੱਚ ਰੁੱਖ ਦੀ ਛਾਂ ਥੱਲੇ ਮੰਜਾ ਡਾਊਣਾ ਤਾਂ ਦੂਰ ਦੀ ਗੱਲ ਏ, ਕਿਓਂ ਕਿ ਵਿਹੜੇ ਵਿੱਚ ਰੁੱਖ ਹੀ ਨਹੀਂ ਰਹੇ.. ਕੋਈ ਵਖਤ ਸੀ ਜਦੋਂ ਰੁੱਖ ਸਾਡੇ ਟੱਬਰ ਦਾ ਹਿੱਸਾ ਹੁੰਦੇ ਸੀ, ਪਰਿਵਾਰ ਦੇ ਮੇਂਬਰ ਹੁੰਦੇ ਸੀ.. ਰੁੱਖਾਂ ਦੇ ਥੱਲੇ ਇੱਕ ਪਾਸੇ ਪਰਿਵਾਰ ਬੈਠਦਾ ਸੀ ਤੇ ਇੱਕ ਪਾਸੇ ਡੰਗਰ ਵੱਛਾ, ਤੇ ਰੁੱਖ ਦੇ ਉੱਤੇ ਪੰਛੀ, ਮਤਲਬ ਸਾਰਾ ਹੀ ਟੱਬਰ ਕੱਠਾ ਬੈਠਾ ਹੁੰਦਾ ਸੀ.. ਕੁਦਰਤ ਨੇ ਵੀ ਸਾਨੂੰ ਇੱਕ ਦੂੱਜੇ ਤੇ ਨਿਰਭਰ ਬਣਾਇਆ ਹੈ, ਅਸੀਂ ਰੁੱਖਾਂ ਤੋਂ ਆਕਸੀਜਨ ਲੈਂਦੇ ਹਾਂ ਤੇ ਰੁੱਖ ਸਾਡੇ ਤੋਂ ਕਾਰਬਨਡਾਈ ਆਕਸਾਈਡ ਲੈਂਦੇ ਹਨ… ਰੁੱਖਾਂ ਤੋਂ ਬਿਨਾ ਸਾਡਾ ਧਰਤੀ ਤੇ ਰਹਿਣਾ ਔਖਾ ਹੈ, ਜੇ ਇਨਸਾਨ ਦੇ ਸਫਰ ਦੀ ਗੱਲ ਕਰੀਏ ਤਾਂ ਉਹ ਹਰ ਵੇਲੇ ਰੁੱਖਾਂ ਤੇ ਨਿਰਭਰ ਹੈ… ਜਦੋਂ ਸਾਡੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਤਾਂ ਸਬ ਤੋਂ ਪਹਿਲਾਂ ਉਹ ਆਪਣੇ ਟੱਬਰ ਨੂੰ ਦੇਖਦਾ ਹੈ.. ਜਿਸ ਵਿੱਚ ਉਸਦੇ ਮਾਂ ਪਿਓ, ਦਾਦਾ ਦਾਦੀ, ਭੈਣ ਭਰਾ, ਹੁੰਦੇ ਨੇ.. ਪਰ ਮਾਂ ਤੋਂ ਬਿਨਾ ਉਸਨੂੰ ਕਿਸੇ ਹੋਰ ਨਾਲ ਕੋਈ ਰਿਸ਼ਤਾ ਮਹਿਸੂਸ ਨਹੀਂ ਹੁੰਦਾ, ਕਿਓਂ ਕਿ ਬੱਚਾ ਕਿਸੇ ਹੋਰ ਨੂੰ ਨਹੀਂ ਜਾਣਦਾ.. ਮਾਂ ਨਾਲ ਉਸਦਾ ਅਹਿਸਾਸ ਦਾ ਰਿਸ਼ਤਾ ਹੁੰਦਾ ਹੈ, ਇਸ ਤਰਾਂ ਦਾ ਹੀ ਰਿਸ਼ਤਾ ਉਸ ਬੱਚੇ ਦਾ ਰੁੱਖਾਂ ਨਾਲ ਵੀ ਹੁੰਦਾ ਹੈ, ਜੋ ਸਾਡੇ ਵਿਹੜੇ ਵਿੱਚ ਖੜੇ ਨੇ.. ਕਿਓਂ ਕਿ ਜਨਮ ਲੈਂਦੇ ਹੀ ਬੱਚੇ ਨੂੰ ਆਕਸੀਜਨ ਦੀ ਲੋੜ ਹੁੰਦੀ ਹੈ, ਜੋ ਅਸੀਂ ਉਸਨੂੰ ਨਹੀਂ ਦੇ ਸਕਦੇ, ਮਾਂ ਵੀ ਬੱਚੇ ਨੂੰ ਦੁੱਧ ਹੀ ਪਿਲਾ ਸਕਦੀ ਹੈ ਆਕਸੀਜਨ ਨਹੀਂ ਦੇ ਸਕਦੀ.. ਆਕਸੀਜਨ ਉਸਨੂੰ ਰੁੱਖ ਹੀ ਦਿੰਦੇ ਨੇ.. ਸਾਡੇ ਵਿਹੜੇ ਵਿੱਚ ਖੜੇ ਰੁੱਖ ਬੱਚੇ ਨਾਲ ਵਾਧਾ ਕਰਦੇ ਨੇ ਕਿ ਪੁੱਤਰ ਜਦੋਂ ਤੱਕ ਤੂੰ ਇਸ ਵਿਹੜੇ ਵਿੱਚ ਰਹੇਂਗਾ, ਤੇਰੀ ਆਕਸੀਜਨ ਦੀ ਜਿੰਮੇਦਾਰੀ ਸਾਡੀ ਹੈ.. ਕਿਓਂ ਕਿ ਤੇਰੇ ਦਾਦੇ ਨੇ ਸਾਨੂੰ ਲਾਇਆ ਸੀ, ਤੇਰੇ ਪਿਓ ਨੇ ਸਾਨੂੰ ਪਾਲਿਆ, ਤੇਰੇ ਭੈਣ ਭਰਾਵਾਂ ਨੇ ਸਾਨੂੰ ਪਾਣੀ ਦਿੱਤਾ.. ਹੁਣ ਤੈਨੂੰ ਆਕਸੀਜਨ ਦੇਣਾ ਸਾਡੀ ਜਿੰਮੇਦਾਰੀ ਹੈ.. ਇਹ ਗੱਲ ਸੁਨਣ ਵਿੱਚ ਥੋੜੀ ਅਜੀਬ ਲੱਗਦੀ ਹੋਣੀ, ਪਰ ਇਹ ਸੱਚ ਹੈ.. ਜੇ ਸਾਨੂੰ ਅਹਿਸਾਸ ਦੀ ਬੋਲੀ ਆਉਂਦੀ ਹੁੰਦੀ, ਤਾਂ ਅਸੀਂ ਰੁੱਖਾਂ ਨਾਲ ਗੱਲ ਕਰ ਪਾਉਂਦੇ ਤਾਂ ਸਾਨੂੰ ਇਸ ਗੱਲ ਤੇ ਯਕੀਨ ਹੋ ਜਾਣਾ ਸੀ .. ਹੁਣ ਸਵਾਲ ਇਹ ਖੜਾ ਹੁੰਦਾ ਕਿ ਜਿਸਦੇ ਵਿਹੜੇ ਵਿੱਚ ਰੁੱਖ ਨਹੀਂ, ਜਾਂ ਕਹਿ ਲਵੋ ਕਿ ਜਿਸਦੇ ਦਾਦੇ ਨੇ ਰੁੱਖ ਨਹੀਂ ਲਾਇਆ ਤੇ ਜਿਸਦੇ ਪਿਓ ਨੇ ਰੁੱਖ ਨੂੰ ਪਾਲਿਆ ਨਹੀਂ ਤੇ ਜਿਸਦੇ ਭੈਣ ਭਰਾਵਾਂ ਨੇ ਰੁੱਖ ਨੂੰ ਪਾਣੀ ਨਹੀਂ ਦਿੱਤਾ, ਉਸ ਬੱਚੇ ਨੂੰ ਆਕਸੀਜਨ ਕੌਣ ਦਿੰਦਾ.. ਉਸ ਬੱਚੇ ਨੂੰ ਆਕਸੀਜਨ ਦਿੰਦੇ ਨੇ ਉਸਦੇ ਮੁਹੱਲੇ ਦੇ ਰੁੱਖ, ਸਵਾਲ ਇਹ ਹੈ ਕਿ  ਮੁਹੱਲੇ ਦੇ ਰੁੱਖ ਉਸ ਬੱਚੇ ਨੂੰ ਆਕਸੀਜਨ ਕਿਓਂ ਦਿੰਦੇ ਨੇ, ਜਦੋਂ ਕਿ ਬੱਚਾ ਓਹਨਾ ਦੇ ਪਰਿਵਾਰ ਦਾ ਮੈਂਬਰ ਵੀ  ਨਹੀਂ.. ਸਾਡੇ ਵਾਂਗ ਰੁੱਖ ਵੀ ਹਰ ਕਿਸੇ ਦਾ ਦਰਦ ਮਹਿਸੂਸ ਕਰਦੇ ਨੇ, ਉਹ ਸੋਚਦੇ ਨੇ ਕਿ ਇਸ ਬੱਚੇ ਦਾ ਇਸ ਧਰਤੀ ਤੇ ਆਪਣਾ ਕੋਈ ਨਹੀਂ, ਇਸਦੇ ਵਿਹੜੇ ਵਿੱਚ ਰੁੱਖ ਨਹੀਂ, ਤਾਂ ਇਸਦਾ ਆਪਣਾ ਕੋਈ ਰੁੱਖ ਨਹੀਂ, ਜਿਹੜਾ ਇਸਨੂੰ ਖੁਰਾਕ ਦੇ ਸਕੇ.. ਇਸ ਲਈ ਉਹ ਉਸ ਬੱਚੇ ਨੂੰ ਫੀਡ ਕਰਨਾ ਆਪਣੀ ਜਿੰਮੇਦਾਰੀ ਸਮਝਦੇ ਨੇ.. ਕਿਓਂ ਕਿ ਰੁੱਖ ਕਿਸੇ ਨਾਲ ਭੇਦਭਾਵ ਨਹੀਂ ਕਰਦੇ, ਉਹ ਸਾਡੇ ਨਾਲੋਂ ਵੱਧ ਪਾਕ ਰੂਹਾਂ ਹੁੰਦੀਆਂ ਨੇ.. ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਫੇਰ ਤਾਂ ਕੋਈ ਸਮੱਸਿਆ ਹੀ ਨਹੀਂ, ਸਾਨੂੰ ਮੁਹੱਲੇ ਦੇ ਰੁੱਖਾਂ ਤੋਂ ਜਾਂ ਇੱਧਰ ਉੱਧਰ ਦੇ ਰੁੱਖਾਂ ਤੋਂ ਆਕਸੀਜਨ ਮਿਲ ਹੀ ਜਾਣੀ ਏ, ਕਿਓਂ ਕਿ ਰੁੱਖ ਤਾਂ ਅੱਜਕਲ੍ਹ ਬਹੁਤ ਲੱਗੇ ਨੇ, ਸਰਕਾਰ ਲਾ ਰਹੀ ਏ, NGO  ਵੀ ਬਹੁਤ ਨੇ ਜੋ ਰੁੱਖ ਲਾ ਰਹੀਆਂ ਨੇ, ਫੇਰ ਤਾਂ ਕਦੇ ਆਕਸੀਜਨ ਦੀ ਘਾਟ ਹੀ ਨਹੀਂ ਹੋਣੀ.. ਇਹ ਤਾਂ ਸਾਰੀ ਜ਼ਿੰਦਗੀ ਮਿਲਦੀ ਰਹੂ.. ਨਹੀਂ ਜੀ ਇਸ ਗੱਲ ਦੀ ਗਾਰੰਟੀ ਕੋਈ ਨਹੀਂ ਲੈ ਸਕਦਾ.. ਯਾਦ ਕਰੋ ਜਦੋਂ ਸਾਡੇ ਤੇ ਬਿਪਤਾ ਪਈ ਸੀ, COVID  ਵਰਗੀ ਬਿਮਾਰੀ ਨੇ ਆਕੇ ਸਾਨੂੰ ਘੇਰ ਲਿਆ ਸੀ, ਉਦੋਂ ਸਾਨੂੰ ਸਾਂਹ ਆਉਣਾ ਔਖਾ ਹੋ ਗਿਆ ਸੀ.. ਹਰ ਤਿੱਜੇ ਬੰਦੇ ਦੀ ਆਕਸੀਜਨ ਘਟ ਰਹੀ ਸੀ.. ਜਿਸ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਸਨ.. ਸੋਚੋ ਉਸ ਵਖਤ ਸਾਨੂੰ ਇੱਧਰ ਉੱਧਰ ਤੋਂ ਜਾਂ ਮੁਹੱਲੇ ਦੇ ਰੁੱਖਾਂ ਤੋਂ ਆਕਸੀਜਨ ਕਿਓਂ ਨਹੀਂ ਮਿਲੀ.. ਕਿਓਂ ਕਿ ਮੁਸੀਬਤ ਰਿਸ਼ਤਿਆਂ ਨੂੰ ਭੁਲਾ ਦਿੰਦੀ ਹੈ, ਜਦੋਂ ਮੁਸੀਬਤ ਆਈ ਹੋਵੇ ,ਬੰਦੇ ਨੂੰ ਆਪਣੇ ਘਰ ਤੋਂ ਬਿਨਾ ਕੁੱਝ ਨਹੀਂ ਸੁੱਜਦਾ, ਤਹਾਨੂੰ ਯਾਦ ਹੀ ਹੋਣਾ ਹਰ ਕਿਸੇ ਨੂੰ ਆਪਣੀ ਜਾਨ ਦਾ ਫਿੱਕਰ ਪਿਆ ਹੋਇਆ ਸੀ, ਤੁਸੀਂ ਆਪ ਸੋਚੋ ਇਹੋ ਜਿਹੀ ਬਿਪਤਾ ਵੇਲੇ ਰੁੱਖ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਕਸੀਜਨ ਦੇਣਗੇ ਜਾਂ ਬਾਹਰ ਵੰਡਣਗੇ ? ਆਪਣੇ ਪਰਿਵਾਰ ਨੂੰ ਹੀ ਦੇਣਗੇ ਕਿਓਂ ਕਿ ਪਹਿਲਾਂ ਫਰਜ਼ ਓਹਨਾ ਪ੍ਰਤੀ ਹੀ ਬਣਦਾ ਜਿੰਨਾ ਨੇ ਲਾਇਆ, ਜਿੰਨਾ ਨੇ ਪਾਣੀ ਪਾਇਆ, ਬਾਅਦ ਵਿੱਚ ਕਿਸੇ ਹੋਰ ਬਾਰੇ ਸੋਚਿਆ ਜਾਂਦਾ.. ਇਸ ਲਈ ਸਾਨੂੰ ਆਪਣੇ ਵਿਹੜੇ ਵਿੱਚ ਘੱਟੋ ਘੱਟ ਇੱਕ ਰੁੱਖ ਲਾਉਣਾ ਜਰੂਰੀ ਏ, ਉਸਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਉਣਾ ਜਰੂਰੀ ਏ.. ਸਾਡੇ ਵਿਹੜੇ ਵਿੱਚ ਲੱਗਿਆ ਰੁੱਖ ਕਦੇ ਆਪਣੀ ਜਿੰਮੇਦਾਰੀ ਤੋਂ ਨਹੀਂ ਭੱਜੇਗਾ.. ਪਰ ਅਸੀਂ ਆਪਣੀ ਜਿੰਮੇਦਾਰੀ ਤੋਂ ਭੱਜ ਰਹੇ ਹਾਂ, ਅਸੀਂ ਚੰਗੀ ਤਰਾਂ ਜਾਣਦੇ ਹਾਂ ਕਿ ਅਸੀਂ ਆਕਸੀਜਨ ਤੇ ਜਿਉਂਦੇ ਹਾਂ, ਸਾਨੂੰ ਹਰ ਸਾਂਹ ਨਾਲ ਆਕਸੀਜਨ ਚਾਹੀਂਦੀ ਏ, ਜਿਹੜੀ ਸਾਨੂੰ ਰੁੱਖ ਦਿੰਦੇ ਨੇ.. ਫੇਰ ਵੀ ਅਸੀਂ ਰੁੱਖ ਲਾਉਣ ਦੀ ਬਜਾਏ ਰੁੱਖਾਂ ਨੂੰ ਕੱਟ ਰਹੇ ਹਾਂ.. ਜਦੋਂ ਅਸੀਂ ਉਸ ਬੰਦੇ ਦੇ ਸਕੇ ਨਹੀਂ ਹੋ ਸਕਦੇ, ਜਿਹੜਾ ਸਾਨੂੰ ਜਿਉਂਦਾ ਰਹਿਣ ਲਈ ਖੁਰਾਕ ਦੇ ਰਿਹਾ, ਹੋਰ ਅਸੀਂ ਕਿਸ ਦੇ ਸਕੇ ਹੋਵਾਂਗੇ.. ਜੇ ਅਸੀਂ ਚਾਉਂਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਸੌਖਾ ਸਾਂਹ ਲੈ ਸਕਣ, ਤਾਂ ਆਪਣੇ ਵਿਹੜੇ ਵਿੱਚ ਇੱਕ ਰੁੱਖ ਜਰੂਰ ਲਾਓ.. ਰੁੱਖ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾਓ, ਸਾਡਾ ਵੀ ਜੀਅ ਲੱਗੂ, ਰੁੱਖਾਂ ਦਾ ਵੀ ਜੀਅ ਲੱਗੂ.. ਨਾਲੇ ਘਰ ਦੇ ਰੁੱਖ ਤੇ ਹੱਕ ਨਾਲ ਨਣਦ ਭਰਜਾਈ ਪੀਂਘ ਸਕਣਗੀਆਂ, ਧੰਨਵਾਦ..

ਲੇਖਕ: ਉਪਿੰਦਰ ਵੜੈਚ

Spread the love

2 Comments

Leave a Reply

Your email address will not be published. Required fields are marked *