“ਜਿਹੜੀ ਛੱਤ ਤੇ ਬਹਿੰਦੇ ਨੇ, ਕੋਈ ਰੱਖ ਕੇ ਆਸ ਪਰਿੰਦੇ,
ਓਸ ਛੱਤ ਦੇ ਥੱਲੇ ਵੀ, ਹੋਣੇ ਵੱਸਦੇ ਖਾਸ ਪਰਿੰਦੇ”
ਸੱਚਮੁੱਚ, ਸਿਖਰ ਦੁਪਿਹਰ ਦੀ ਲੋਅ ਵਿਚ ਅਸਮਾਨੀ ਉੱਡਦੇ ਪੰਛੀ ਜਦੋਂ ਦਾਣਾ ਚੁਗਣ ਲਈ ਜਾਂ ਆਪਣੀ ਚੁੰਜ ਵਿਚ ਪਾਣੀ ਦੀ ਘੁੱਟ ਭਰਨ ਲਈ ਜਾਂ ਖੰਬਾਂ ਨੂੰ ਗਿੱਲੇ ਕਰਕੇ ਝਟਕਾਉਣ ਲਈ ਜਿਹੜੀ ਛੱਤ ਤੇ ਆ ਕੇ ਬਹਿੰਦੇ ਹਨ, ਪੱਕਾ ਉਸ ਛੱਤ ਦੇ ਥੱਲੇ ਵੱਸਣ ਵਾਲੇ ਵੀ ਪਰਿੰਦੇ ਹੀ ਹੋਣਗੇ.. ਜਿੰਨਾ ਦੇ ਸੁਪਨੇ ਨਿੱਤ ਉੱਚੀ ਪਰਵਾਜ਼ ਭਰਦੇ ਹੋਣੇ, ਜਿੰਨਾ ਦੀ ਸੋਚ ਅਸਮਾਨ ਵਿਚ ਉਡਾਰੀ ਲਾਉਂਦੀ ਹੋਣੀ.. ਆਪਣੇ ਆਲੇ ਦੁਆਲੇ ਉੱਡਦੇ ਰੰਗ ਬਿਰੰਗੇ ਪੰਛੀ ਵੀ ਓਹਨਾ ਨੂੰ ਹੀ ਦਿਖਦੇ ਨੇ ਜੋ ਕੰਧਾਂ ਤੋਂ ਪਾਰ ਦੇਖਣਾ ਜਾਣਦੇ ਨੇ, ਐਸੇ ਲੋਕ ਕੁੱਲੀ ਵਿਚ ਰਹਿਕੇ ਵੀ ਰਾਤ ਦਾ ਖਾਣਾ ਰੱਬ ਨਾਲ ਬਹਿਕੇ ਖਾਂਦੇ ਨੇ, ਕਿਓਂ ਕਿ ਫ਼ੱਕਰਾਂ ਦੇ ਜਾਣ ਵੇਲੇ ਰੱਬ ਕੁੱਲੀ ਨਹੀਂ ਦੇਖਦਾ.. ਯਾਰ ਦੀ ਕੁੱਲੀ ਵੀ ਮਹਿਲਾਂ ਵਰਗੀ ਹੁੰਦੀ ਏ, ਓਹਨਾ ਦਾ ਰਿਸ਼ਤਾ ਹੀ ਪਰਮਾਤਮਾ ਨਾਲ ਐਸਾ ਹੁੰਦਾ ਹੈ, ਕਿਓਂ ਕਿ ਪਰਮਾਤਮਾ ਨਾਲ ਮਿਲਾਉਣ ਵਾਲੇ ਦੂਤ ਪਸ਼ੂ ਪੰਛੀ ਨਿੱਤ ਓਹਨਾ ਨਾਲ ਉਠਦੇ ਬਹਿੰਦੇ ਨੇ.. ਕੋਈ ਬਨੇਰੇ ਤੇ ਆਕੇ ਖੰਬ ਖਿਲਾਰਦਾ ਤੇ ਕੋਈ ਦੇਹਲੀ ਤੇ ਆਕੇ ਪੂੰਛ ਮਾਰਦਾ.. ਏ ਪੰਛੀ ਤੇ ਜਾਨਵਰ ਸਾਡੇ ਦੂਤ ਹੁੰਦੇ ਨੇ, ਜਿਹੜੇ ਸਾਡਾ ਸੁਨੇਹਾ ਪਰਮਾਤਮਾ ਤੱਕ ਪਹੁੰਚਦੇ ਨੇ.. ਕਿਓਂ ਕਿ ਇੰਨੇ ਸ਼ੋਰ ਸ਼ਰਾਬੇ ਵਿੱਚ ਬੰਦੇ ਦੀ ਫਰਿਆਦ ਸਿੱਧੀ ਰੱਬ ਤੱਕ ਨੀ ਪਹੁੰਚਦੀ, ਓਹਦੇ ਲਈ ਕੋਈ ਨਾ ਕੋਈ ਡਾਕੀਆ ਤਾਂ ਚਾਹੀਂਦਾ.. ਜਾਂ ਫੇਰ ਸਾਨੂੰ ਆਪ ਚੌਂਕੜੀ ਮਾਰ ਕਿ ਬੈਠਣਾ ਪਊ, ਤੇ ਆਪਣੇ ਅੰਦਰ ਰੱਬ ਨੂੰ ਲੱਭਣਾ ਪਊ, ਸੁਣਿਆ ਕਹਿੰਦੇ ਵਸਦਾ ਤਾਂ ਅੰਦਰ ਈ ਆ, ਪਰ ਅੰਦਰ ਦੇ ਚੱਕਰ ਬੰਦੇ ਨੂੰ ਚੱਕਰ ਲਿਆ ਦਿੰਦੇ ਨੇ, ਐਨਾਂ ਸਬਰ ਸੰਤੋਖ ਕਿਥੋਂ ਲੈਕੇ ਆਵਾਂਗੇ, ਅਸੀਂ ਤਾਂ ਰੱਬ ਦਾ ਨਾ ਵੀ ਦੁੱਖ ਵੇਲੇ ਲੈਂਦੇ ਹਾਂ, ਦੁੱਖ ਸੁਣਾਉਣ ਵਾਲੇ ਦੇ ਤਾਂ ਰੱਬ ਕੋਲ ਨੂੰ ਨੀ ਲੰਘਦਾ.. ਏਸ ਲਈ ਸੌਖਾ ਤਰੀਕਾ ਇਹੀ ਆ ਕਿ ਪਸ਼ੂ ਪੰਛੀਆਂ ਨਾਲ ਯਾਰੀ ਪਾਕੇ ਰੱਖੋ, ਇੰਨਾ ਦੀਆਂ ਤੰਦਾਂ ਰੱਬ ਨਾਲ ਸਿਧੀਆਂ ਜੁੜੀਆਂ ਹੁੰਦੀਆਂ ਨੇ, ਤੁਸੀਂ ਦੇਖਿਆ ਹੀ ਹੋਣਾ ਬਨੇਰੇ ਬੈਠਾ ਕਾਂ ਦੱਸ ਦਿੰਦਾ ਕਿ ਅੱਜ ਕੋਈ ਪ੍ਰੌਹਣਾ ਆਉਣ ਵਾਲਾ, ਡੰਗਰ ਵੱਛੇ ਪਹਿਲਾਂ ਹੀ ਦੱਸ ਦਿੰਦੇ ਨੇ ਕਿ ਭੁਝਾਲ ਆਉ, ਹੋਰ ਬਹੁਤ ਕੁਝ.. ਜਿਹੜੀਆਂ ਸ਼ਕਤੀਆਂ ਅਸੀਂ ਜਾਗ੍ਰਿਤ ਕਰਨੀਆਂ ਨੇ ਉਹ ਇੰਨਾ ਦੀਆਂ ਪਹਿਲਾਂ ਹੀ ਜਾਗ੍ਰਿਤ ਹੋਈਆਂ ਹੁੰਦੀਆਂ ਨੇ.. ਬਾਕੀ ਲੱਗੇ ਰਹੋ, ਆਪਣੀਆਂ wireless ਤਾਰਾਂ ਸੁੱਟਦੇ ਰਹੋ ਰੱਬ ਵੱਲ ਨੂੰ.. ਕਦੇ ਤਾਂ ਜੁੜ੍ਹਣਗੀਆਂ ਹੀ, ਪਰ ਜਦੋਂ ਤੱਕ ਸਾਡੀਆਂ wireless ਤਾਰਾਂ ਵਿੱਚ ਕਰੰਟ ਨੀ ਆਉਂਦਾ, ਓਦੋਂ ਤੱਕ ਤਾਂ ਇੰਨਾ ਡਾਕੀਆਂ ਦੀ ਸਾਰ ਲੈਂਦੇ ਰਹੋ, ਛੱਤ ਤੇ ਪਾਣੀ ਰੱਖ ਦਿਆ ਕਰੋ ਤੇ ਦਹਿਲੀਜ਼ ਤੇ ਆਏ ਕਿਸੇ ਜੀਵ ਜੰਤੂ ਨੂੰ ਖਾਲੀ ਨਾ ਮੋੜਿਆ ਕਰੋ, ਧੰਨਵਾਦ…
ਲੇਖਕ: ਉਪਿੰਦਰ ਵੜੈਚ